ਭਾਈ ਮਰਦਾਨਾ ਜੀ ਦਾ ਜੀਵਨ ਤੇ ਰਬਾਬ ਦੇ ਸਫ਼ਰ ‘ਤੇ ਵਿਚਾਰਾਂ
ਆਪਣੇ ਇਤਿਹਾਸ ਤੇ ਕੁਦਰਤ ਪ੍ਰਤੀ ਬਣਦੇ ਫਰਜ਼ਾਂ ਤੋਂ ਹੋਣ ਦਾ ਸਭ ਤੋਂ ਵੱਡਾ ਕਾਰਨ ਗੁਰਬਾਣੀ ਤੋਂ ਬੇਮੱੁਖ ਹੋਣਾ:- ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ/ਚੰਦਰਸ਼ੇਖਰ ਕਾਲੀਆ: ਪਹਿਲੀ ਅੰਤਰਰਾਸ਼ਟਰੀ ਰਬਾਬੀ ਭਾਈ ਮਰਦਾਨਾ ਜੀ ਕਾਨਫਰੰਸ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਕਿਨਾਰੇ ਕੀਤੀ ਗਈ। ਇਸ ਕਾਨਫਰੰਸ ਦੀ ਸ਼ੁਰੂਆਤ ਵੇਈਂ ਕਿਨਾਰੇ ਰਬਾਬ ਨਾਲ ਕੀਰਤਨ ਕਰਕੇ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਅੰਤਰਰਾਸ਼ਟਰੀ ਰਬਾਬੀ ਕਾਨਫਰੰਸ ਦੀ ਰਸਮੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ‘ਤੇ ਮੁੜ ਰਬਾਬ ਦਾ ਪਰਤਣਾ ਆਪਣੇ ਆਪ ਵਿੱਚ ਇੱਕ ਚੰਗਾ ਅਗਾਜ਼ ਹੈ। ਰਬਾਬ ਦੀ ਇਸ ਅਲੌਕਿਕ ਧੁੰਨ ਨੇ ਪੁਰਾਤਨ ਰਵਾਇਤ ਨੂੰ ਯਾਦ ਕਰਵਾ ਦਿੱਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਭਰੋਸਾ ਦਿੱਤਾ ਕਿ ਰਬਾਬ ਤੇ ਰਬਾਬੀਆਂ ਦੀ ਬੇਹਤਰੀ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਫਰੀਦਕੋਟ ਤੋਂ ਐਮਪੀ ਅਤੇ ਪੰਜਾਬੀ ਦੇ ਸਥਾਪਿਤ ਲੋਕ ਗਾਇਕ ਮੁਹੰਮਦ ਸਦੀਕ ਨੇ ਵੀ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਰਬਾਬੀ ਭਾਈ ਮਰਦਾਨਾ ਜੀ ਫਾਊਡੇਸ਼ਨ ਦੇ ਪ੍ਰਧਾਨ ਡਾ: ਗੁਰਿੰਦਰਪਾਲ ਸਿੰਘ ਜੋਸਨ ਨੇ ਦੱਸਿਆ ਕਿ ਲਾਹੌਰ ਵਿੱਚ ਰਹਿੰਦੇ ਭਾਈ ਮਰਦਾਨਾ ਜੀ ਦੀ ਕੁਲ ਵਿੱਚੋਂ 18ਵੀਂ ਪੀੜੀ ਅਤੇ ਬਾਬਾ ਬੁੱਢਾ ਜੀ ਦੀ ਕੁਲ ਵਿੱਚੋਂ 10ਵੀਂ ਪੀੜੀ ਦੇ ਆਏ ਪ੍ਰੋਫੈਸਰ ਨਿਰਮਲ ਸਿੰਘ, ਬਜ਼ੁਰਗ ਦੌੜਾਕ ਫੌਜਾ ਸਿੰਘ ਆਦਿ ਸ਼ਖਸੀਅਤਾਂ ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈਆਂ।
ਇਸ ਮੌਕੇ ਨਿਰਮਲ ਕੁਟੀਆ ਪਵਿੱਤਰ ਵੇਈਂ ਵੱਲੋਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਈਆ ਸਖਸ਼ੀਅਤਾਂ ਦਾ ਸਨਮਾਨ ਕੀਤਾ। ਸੰਤ ਸੀਚੇਵਾਲ ਜੀ ਨੇ ਜਿੱਥੇ ਇਹੋ ਜਿਹੇ ਪਵਿੱਤਰ ਕਾਰਜ਼ ਦੀ ਸ਼ਲਾਘਾ ਕੀਤੀ ਉੱਥੇ ਉਹਨਾਂ ਕਿਹਾ ਕਿ ਅੱਜ ਦੇ ਲੋਕ ਗੁਰੂ ਦੀ ਬਾਣੀ ਤੋਂ ਬੇਮੱੁਖ ਹੋ ਗਏ ਹਨ। ਜਿਸ ਕਾਦਰ ਦੀ ਕੁਦਰਤ ਨਾਲ ਇਕਮਿਕ ਹੋਣ ਦਾ ਸਾਡੇ ਗੁਰੂਆਂ ਨੇ ਸਾਨੂੰ ਉਪਦੇਸ਼ ਦਿੱਤਾ ਸੀ। ਅਸੀ ਉਸਨੂੰ ਹੀ ਪ੍ਰਦੂਸ਼ਿਤ ਕਰ ਰਹੇ ਹਾਂ। ਇੱਥੋਂ ਕਿ ਅਸੀ ਆਪਣੇ ਵਿਰਾਸਤੀ ਸਾਜ਼ਾਂ ਨੂੰ ਭੁੱਲਾ ਚੁੱਕੇ ਹਾਂ ਜਿਹੜੇ ਰੂਹਾਨੀਅਤ ਦੇ ਸਾਜ਼ ਸਾਡੇ ਗੁਰੂਆਂ ਨੇ ਧੁਰ ਦਰਗਾਹੋਂ ਮੰਗਵਾਏ ਸੀ। ਜਿਸ ਰਬਾਬ ਨਾਲ ਗੁਰੂ ਨਾਨਕ ਦੇਵ ਜੀ ਕੀਰਤਨ ਸ਼ੁਰੂ ਕੀਤਾ ਸੀ ਉਸ ਬਾਰੇ ਅੱਜ ਦੇ ਲੋਕਾਂ ਨੂੰ ਬਹੁਤ ਘੱਟ ਪਤਾ ਹੈ। ਉਨਹਾਂ ਕਿਹਾ ਕਿ ਜੇਕਰ ਅਸੀ ਆਪਣੇ ਇਤਿਹਾਸ, ਵਿਰਾਸਤ ਤੇ ਕੁਦਰਤ ਪ੍ਰਤੀ ਬਣਦੇ ਫਰਜ਼ਾਂ ਤੋਂ ਦੂਰ ਹੋ ਰਹੇ ਹਾਂ ਉਸਦਾ ਸਭ ਤੋਂ ਵੱਡਾ ਕਾਰਨ ਗੁਰਬਾਣੀ ਤੋਂ ਬੇਮੁੱਖ ਹੋਣਾ ਹੈ ਜਿਸਦਾ ਸੰਤਾਪ ਅੱਜ ਕੁੱਲ ਲੋਕਾਈ ਝੱਲ ਰਹੀ ਹੈ। ਉਹਨਾਂ ਦੱਸਿਆ ਕਿ ਇੱਥੇ ਲੱਗਦੀਆਂ ਗੁਰਮਿਤ ਦੀਆਂ ਕਲਾਸਾਂ ਦੌਰਾਨ ਜਿੱਥੇ ਸੰਗੀਤ ਦੀ ਸਿਖਲਾਈ ਦਿੱਤੀ ਜਾਂਦੀ ਹੈ ਉਥੇ ਰਬਾਬ ਨੂੰ ਉਚੇਚੇ ਤੌਰ ‘ਤੇ ਸਿਖਾਇਆ ਜਾਂਦਾ ਹੈ ਤੇ ਬੱਚਿਆਂ ਲਈ ਵਿਸ਼ੇਸ਼ ਤੌਰ ‘ਤੇ ਰਬਾਬਾਂ ਕਰਵਾਈਆਂ ਗਈਆ ਹਨ।
ਫਾਊਂਡੇਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਜੋਸਨ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮਕਸਦ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਰਬਾਬੀ ਲਹਿਰ ਵਿਚ ਇਨਕਲਾਬ ਲਿਆਉਣ ਦੀ ਹੈ। ਉਹਨਾਂ ਕਿਹਾ ਕਿ ਰਬਾਬੀ ਭਾਈ ਮਰਦਾਨਾ ਜੀ ਫਾਊਨਡੇਸ਼ਨ ਵੱਲੋਂ ਇਹ ਰਬਾਬੀ ਇਨਕਲਾਬ ਦਾ ਇੱਕ ਸੁਪਨਾ ਦੇਖਿਆ ਗਿਆ ਹੈ ਜਿਸ ਦਾ ਇਹ ਸ਼ੁਰੂਆਤੀ ਦੌਰ ਹੈ। ਇਸ ਮੌਕੇ ਸਮਗਾਮ ਦੌਰਾਨ ਗੁਰੁ ਸਾਹਿਬ ਦੀਆਂ ਨਿਸ਼ਾਨੀਆਂ ਅਤੇ ਉਹਨਾਂ ਵੇਲਿਆਂ ਦੇ ਸਿੱਕਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਇਸ ਤੋਂ ਪਹਿਲਾਂ ਅੰਮ੍ਰਿਤ ਵੇਲੇ ਪਵਿੱਤਰ ਕਾਲੀ ਵੇਈਂ ਕਿਨਾਰੇ ਬਾਬੇ ਕੇ ਰਬਾਬੀ ਜੱਥੇ ਵੱਲੋਂ ਰਬਾਬ ਨਾਲ ਕੀਰਤਨ ਕੀਤਾ ਗਿਆ। ਉਹਨਾਂ ਰਬਾਬ ਨਾਲ ਕੀਰਤਨ ਕਰਕੇ ਜਿੱਥੇ ਸੰਗਤਾਂ ਨੂੰ ਅਨਹਦ ਬਾਣੀ ਨਾਲ ਜੋੜਿਆ ਉੱਥੇ ਗੁਰਬਾਣੀ ਦੇ ਇਸ ਆਗਮਨ ਅਸਥਾਨ ਤੇ ਮੂਲ ਮੰਤਰ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਅਨੁਰਾਧਾ ਭਾਰਗਵ, ਡਾ. ਆਸਾ ਸਿੰਘ ਘੁੰਮਣ, ਡਾ. ਪਰਮਜੀਤ ਸਿੰਘ ਮਾਨਸਾ, ਹਰਪ੍ਰੀਤ ਸਿੰਘ ਨਾਜ਼, ਡਾ. ਗੁਰਮੇਲ ਸਿੰਘ, ਡਾ. ਕਮਲਜੀਤ ਕੌਰ, ਅਸਟ੍ਰੇਲੀਆ ਤੋਂ ਨਿਸ਼ਾਨ ਸਿੰਘ, ਸਤਿੰਦਰ ਸਿੰਘ ਕਨੇਡਾ, ਭਗਵਾਨ ਸਿੰਘ ਖੋਜੀ, ਡਾ. ਸੁਰਜੀਤ ਕੌਰ, ਗਿਆਨੀ ਜਗਰੂਪ ਸਿੰਘ, ਸਿਮਰਜੋਤ ਸਿੰਘ, ਡਾ. ਸੁਰਜੀਤ ਕੌਰ, ਜਸਬੀਰ ਸਿੰਘ ਸਰਨਾ, ਅਰਵਿੰਦਰ ਕੌਰ ਸੰਧੂ, ਮਨਜੀਤ ਸਿੰਘ ਟਾਂਡਾ ਆਦਿ ਸਿੱਖ ਵਿਦਵਾਨ ਇਸ ਸਮਾਗਮ ਵਿਚ ਉਚੇਚੇ ਤੌਰ ਤੇ ਸ਼ਾਮਿਲ ਹੋਏ।